ਮਹਾਨ ਕੀਰਤਨੀਏ ਭਾਈ ਬਖ਼ਸ਼ੀਸ਼ ਸਿੰਘ
‘ਹਜ਼ੂਰੀ ਰਾਗੀ’ ਪਟਿਆਲੇ ਵਾਲੇ।
ਵਿਚਾਰ ਅਧੀਨ ਪੁਸਤਕ ਵਿੱਚ ਸਿੱਖ ਧਰਮ ਦੇ ਉਸ ਬੇਮਿਸਾਲ ਅਨਮੋਲ ਤੇ ਹਰਮਨ ਪਿਆਰੇ ਕੀਰਤਨੀਏ ਦੀ ਜੀਵਨ ਗਾਥਾ, ਪ੍ਰਾਪਤੀਆਂ, ਰੁਚੀਆਂ, ਪਸੰਦਗੀਆਂ ਅਤੇ ਅਭੁੱਲ ਪਰਿਵਾਰਕ ਯਾਦਾਂ ਨੂੰ ਲੇਖਿਕਾ ਜਸਬੀਰ ਕੌਰ ਨੇ ਲੁਕਾਈ ਸੰਗ ਸਾਂਝਾ ਕੀਤਾ ਹੈ। ਭਾਈ ਬਖਸ਼ੀਸ਼ ਸਿੰਘ ਆਪਣੀ ਰੂਹਾਨੀ ਤੇ ਰਾਗਦਾਰੀ ਭਰਪੂਰ ਆਵਾਜ਼ ਵਿੱਚ 44-45 ਸਾਲਾਂ ਦੀ ਕੀਰਤਨ ਸੇਵਾ ਲਈ ਪ੍ਰਸਿੱਧ ਰਹੇ। ਉਹ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਵੱਲੋਂ ਪ੍ਰਾਆਰੰਭ ਕੀਤੀ 'ਗੁਰਮਤਿ ਕੀਰਤਨ ਟਕਸਾਲ' ਵਿਰਸੇ ਦੇ ਸਹੀ ਉਤਰਾਧਿਕਾਰੀ ਰਹੇ। ਕਿਸੇ ਵੀ ਵਿਦਿਆਲਿਆਂ ਜਾਂ ਉਸਤਾਦ ਤੋਂ ਸਿੱਖਿਆ ਲਏ ਬਿਨਾਂ, ਉਹ ਇੱਕ ਉੱਚਕੋਟੀ ਦੇ ਉਸਤਾਦ ਕੀਰਤਨੀਏ ਬਣੇ। ਉਹਨਾਂ ਦਾ ਭਾਰਤੀ ਪ੍ਰਾਚੀਨ ਸਾਸ਼ਤ੍ਰੀਏ ਸੰਗੀਤਕ ਗਿਆਨ ਅਤੇ ਬਿਖੜੀਆਂ ਤਾਲਾਂ ਵਿੱਚ ਗਾਉਣ ਦੀ ਕਾਬਲੀਅਤ ਨੂੰ ਕੀਰਤਨ ਪ੍ਰਸ਼ੰਸਕ ਅੱਜ ਵੀ ਯਾਦ ਕਰਦੇ ਹਨ। ਪੰਜਾਬ ਦੇ ਖੌਫ਼ਨਾਕ ਦੌਰ ਵਿੱਚ ਉਹ ਅੱਤਵਾਦ ਦਾ ਸ਼ਿਕਾਰ ਹੋ ਗਏ ਤੇ ਆਪਣੇ ਕਈ ਸੁਪਨੇ ਵੀ ਨਾਲ ਹੀ ਲੈ ਗਏ। ਕਲਯੁਗ ਦੇ ਇਸ ਮਰਦਾਨੇ ਨੂੰ ਸਦਾ ਦੀ ਨੀਂਦੇ ਸੁਆਉਣ ਵਾਲੇ ਅੱਜ ਭਾਵੇਂ ਕਿਸੇ ਦੀ ਜਾਣ ਪਹਿਚਾਣ ਵਿੱਚ ਵੀ ਨਾ ਹੋਣ ਪਰ ਉਸ ਅਮੋਲਵੇਂ ਕੀਰਤਨੀਏ ਨੂੰ ਖਤਮ ਕਰਨ ਵਾਲਿਆਂ ਦੀ ਸੋਚ ਪਿੱਛੇ ਇੱਕ ਪ੍ਰਸ਼ਨ ਚਿੰਨ੍ਹ ਅੱਜ ਵੀ ਲੱਗਿਆ ਹੋਇਆ ਹੈ।
ਇਹ ਪੁਸਤਕ ਕੀਰਤਨ ਰਸੀਆ ਲਈ ਇੱਕ ਤੋਹਫ਼ਾ ਹੈ। ਨਵ-ਪੁੰਗਰਿਤ ਕੀਰਤਨੀਆ ਲਈ ਮਾਰਗ ਦਰਸ਼ਨ ਦੀ ਨਿਆਈਂ ਹੈ। ਅੱਜ ਵੀ ਬਹੁਤ ਸਾਰੇ ਕੀਰਤਨੀਏ ਭਾਈ ਸਾਹਿਬ ਨੂੰ ਰੋਲ ਮਾਡਲ ਵਜੋਂ ਲੈ ਕੇ ਕੀਰਤਨ ਸੇਵਾਵਾਂ ਦੇ ਰਹੇ ਹਨ। ਸੋ ਜਦ ਤੱਕ ਸਿੱਖ ਧਰਮ ਵਿਚਲੀ ਕੀਰਤਨ ਪਰੰਪਰਾ ਕਾਇਮ ਹੈ ਉੱਦੋਂ ਤੱਕ ਇਹੋ ਜਿਹੇ ਗੁਰੂ ਘਰ ਦੇ ਲਾਸਾਨੀ ਕੀਰਤਨੀਏ ਵੀ ਚਰਚਾ ਦੇ ਪਾਤਰ ਜ਼ਰੂਰ ਬਣਨਗੇ।