ਕਵਿਤਾ ਕੀ ਹੈ ?
ਸਿਰਫ ਅੱਖਰਾਂ ਦੀ ਕਿਸੇ ਇੱਕ ਤਰਤੀਬ ਨੂੰ ਕਵਿਤਾ ਕਹਿਣਾ ਗਲਤ ਹੈ। ਅੱਖਰਾਂ ਦਾ ਕਿਸੇ ਪਹਿਲਾਂ ਗਿਣੇ-ਮਿੱਥੇ ਕਦਮਾਂ 'ਤੇ ਪਾਇਆ ਝੂਮਰ ਵੀ ਕਵਿਤਾ ਨਹੀਂ ਹੋ ਸਕਦੀ। ਕਵਿਤਾ ਤਾਂ ਆਜ਼ਾਦ ਉੱਡਦੇ ਜਜ਼ਬਾਤਾਂ ਦਾ ਇੱਕ ਮੇਲ ਹੈ।ਕਵਿਤਾ ਤਾਂ ਕਾਲੀ ਬੱਦਲੀ ਵੱਲ ਵੇਖ ਸੁੱਕੇ ਝੋਨੇ ਦੇ ਖੇਤਾਂ 'ਚ ਖੜੇ ਜੱਟ ਦਾ ਵਲ-ਵੜਿੰਗਾ ਭੰਗੜਾ ਹੈ। ਸਿਰਫ ਮਹਿਬੂਬ ਦੀਆਂ ਖੁੱਲੀਆਂ ਜ਼ੁਲਫਾਂ ਤੇ ਚਿਹਰੇ ਤੋਂ ਟਪਕਦੀ ਸ਼ੋਖੀ ਕਵਿਤਾ ਨਹੀਂ ਹੁੰਦੀ। ਕਵਿਤਾ ਤਾਂ ਸਿਰ 'ਤੇ ਟੋਕਰਾ ਚੁੱਕ ਕੇ ਤੁਰੀ ਜਾਂਦੀ ਕਿਸੇ ਭੱਠੇ ਉੱਤੇ ਕੰਮ ਕਰਨ ਵਾਲੀ ਕੁੜੀ ਦੇ ਜਿਸਮ ਤੋਂ ਟਪਕਦਾ ਪਸੀਨਾ ਹੈ। ਕਵਿਤਾ ਕੋਈ ਅਰਸ਼ਾਂ ਤੋਂ ਉਤਰੀ ਹੋਈ ਪਰੀ ਨਹੀਂ, ਕਵਿਤਾ ਤਾਂ ਵੇਹੜੇ ਹੂੰਜਦੀ, ਚੁੱਲ੍ਹੇ ਤਪਾਉਂਦੀ, ਨਿਆਣੇ ਸਾਂਭ ਕੇ ਆਪਣੇ ਕੰਮ 'ਤੇ ਜਾਂਦੀ ਹਸੀਨਾ ਹੈ। ਸਿਰਫ ਅੱਖਾਂ 'ਚ ਪਲਦਾ ਸੁਪਨਾ ਹੀ ਕਵਿਤਾ ਨਹੀਂ ਹੁੰਦਾ, ਏਹਨਾਂ ਹੱਥਾਂ ਨਾਲ ਕੀਤੀ ਹਰ ਮਿਹਨਤ ਕਵਿਤਾ ਹੈ। ਏਹਨਾਂ ਪੈਰਾਂ ਦੀ ਮੰਜ਼ਿਲ ਵੱਲ ਪੁੱਟੀ ਹਰ ਪੈੜ ਕਵਿਤਾ ਹੈ। ਅਤੇ ਹਰ ਕਵਿਤਾ ਸਿਰਫ ਪਹਾੜਾਂ 'ਚ ਜਾਂ ਸਮੁੰਦਰ ਕੰਢੇ ਬਹਿ ਕੇ ਨਹੀਂ ਲਿਖੀ ਜਾਂਦੀ। ਏਹਨਾਂ ਸੜਕਾਂ 'ਤੇ ਦੌੜਦੇ, ਆਪਣੇ ਹੱਡ ਤੋੜਦੇ ਦਿਹਾੜੀਦਾਰ ਹਰ ਰੋਜ਼ ਇੱਕ ਨਵੀਂ ਕਵਿਤਾ ਲਿਖਦੇ ਨੇ। ਸਿਰਫ ਜ਼ਰੂਰਤ ਹੈ ਤਾਂ ਓਹਨਾਂ ਕਵਿਤਾਵਾਂ ਨੂੰ ਪੜਣ, ਸੁਣਨ ਤੇ ਸਮਝਣ ਵਾਲਿਆਂ ਦੀ।